ਨਵੀਂ ਪੁਸਤਕ ਰਿਲੀਜ਼: ‘ਪੋਥੀ ਪਰਮੇਸ਼ਰ ਕਾ ਥਾਨ ਤੋਂ... ਗੁਰੂ ਮਾਨਿਓ ਗ੍ਰੰਥ’ ਲੋਕ ਅਰਪਣ!
ਡਾ. ਵਰਿੰਦਰ ਗਰਗ ਦੇ ਉਦਮ ਨਾਲ ਸਪਤ-ਸਿੰਧੂ ਕਲਚਰ ਹੈਰੀਟੇਜ ਫੋਰਮ ਵੱਲੋਂ ਵਿਦਵਾਨ ਲੇਖਕ ਗੱਜਣਵਾਲਾ ਸੁਖਮਿੰਦਰ ਸਿੰਘ ਦੀ ਨਵੀਂ ਪੁਸਤਕ “ਪੋਥੀ ਪਰਮੇਸ਼ਰ ਕਾ ਥਾਨ ਤੋਂ… ਗੁਰੂ ਮਾਨਿਓ ਗ੍ਰੰਥ” ਨੂੰ ਲੋਕ ਅਰਪਣ ਕੀਤਾ ਗਿਆ। ਗੱਜਣਵਾਲਾ ਨੇ ਆਪਣੀ ਇਸ ਪੁਸਤਕ ‘ਤੇ ਚਾਨਣਾ ਪਾਉਂਦੇ ਹੋਏ ਪੰਜਵੇਂ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦਵੀ ਬਖਸ਼ਣ ਤੱਕ ਦਾ ਇਤਿਹਾਸਕ ਰੂਹਾਨੀ ਸਫਰ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਹੈ। ਡਾ. ਵਰਿੰਦਰ ਗਰਗ ਨੇ ਇਸ ਪੁਸਤਕ ਨੂੰ ਗੱਜਣਵਾਲਾ ਦਾ ਇੱਕ ਬਹੁ-ਮੁੱਲਾ ਗ੍ਰੰਥ ਕਹਿੰਦੇ ਹੋਏ ਉਨ੍ਹਾਂ ਦੀ ਗਹਿਰ-ਗੰਭੀਰ ਇਤਿਹਾਸਕ ਦ੍ਰਿਸ਼ਟੀ ਲੰਮੀ ਸਾਧਨਾ ਅਤੇ ਖੋਜ-ਭਰਪੂਰ ਉਦਮ ਦੀ ਸਰਾਹਨਾ ਕੀਤੀ ਹੈ। ਡਾ. ਗਰਗ ਨੇ ਮੈਕਾਲਿਫ਼ ਵਰਗੇ ਅੰਗਰੇਜ਼ੀ ਇਤਿਹਾਸਕਾਰਾਂ ਦੀਆਂ ਇਤਿਹਾਸ ਨੂੰ ਦੂਸ਼ਿਤ ਕਰਨ ਅਤੇ ਤੋੜ-ਮਰੋੜ ਕੇ ਪੇਸ਼ ਕਰਨ ਦੀਆਂ ਸਾਜ਼ਿਸ਼ਾਂ ਨੂੰ ਨੰਗਾ ਕਰਦੇ ਹੋਏ, ਹਥਲੀ ਪੁਸਤਕ ਪ੍ਰਮਾਣਿਕ ਰਚਨਾ ਕਿਹਾ।
ਸਪਤ-ਸਿੰਧੂ ਕਲਚਰ ਹੈਰੀਟੇਜ ਫੋਰਮ ਵੱਲੋਂ ਲੇਖਕ ਗੱਜਣਵਾਲਾ ਸੁਖਮਿੰਦਰ ਸਿੰਘ ਦੀ ਨਵੀਂ ਪੁਸਤਕ ‘ਤੇ ਚਰਚਾ।
ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਵਯ ਬਾਣੀ ਦਾ ਪ੍ਰਤੀਕ ਮੰਨਦਿਆਂ ਕਿਹਾ ਹੈ ਕਿ ਪੰਜਵੇਂ ਗੁਰੂ ਅਰਜਨ ਦੇਵ ਜੀ ਅਤੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖ-ਕੇਂਦਰਿਤ ਗੁਰੂ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਿਆਤਮਕ ਕੇਂਦਰਿਤ ਕਰਦੇ ਹੋਏ ਗੁਰੂ ਦੀ ਹਾਜ਼ਰੀ ਸ਼ਬਦ ਵਿੱਚ ਸਥਾਪਿਤ ਕੀਤੀ (ਬਾਣੀ ਗੁਰੂ ਗੁਰੂ ਹੈ ਬਾਣੀ)। ਇਹ ਉਨ੍ਹਾਂ ਦੀ ਦਿਬਤਾ ਅਤੇ ਦੂਰ-ਦ੍ਰਿਸ਼ਟੀ ਦਾ ਪ੍ਰਮਾਣ ਹੈ। ਡਾ. ਮਨਮੋਹਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਖਾਸ ਖਿੱਤੇ ਤੱਕ ਸੀਮਿਤ ਨਹੀਂ ਸਗੋਂ “ਕੁੱਲ ਭੂ-ਮੰਡਲ” ਸਗਲ ਸ੍ਰਿਸ਼ਟੀ ਲਈ ਅਜਿਹੇ ਮਾਰਗ ਦਰਸ਼ਕ ਹਨ ਜੋ ਜੀਵਨ ਦੇ ਹਰ ਪੜਾਅ ‘ਤੇ ਸਹੀ ਰਸਤਾ ਦਿਖਾਉਂਦੇ ਹਨ। ਸੁਰਿੰਦਰ ਸਿੰਘ ਤੇਜ ਨੇ ਫਰਮਾਇਆ ਕਿ ਗੁਰੂ ਗ੍ਰੰਥ ਸਾਹਿਬ ਬਿਨਾਂ ਸ਼ੱਕ ਇੱਕ ਅਸਗਾਹ ਰੂਪ ਅਧਿਆਤਮਕ ਦਾ ਗਹਿਰਾ ਸਾਗਰ ਹੈ ਇਸ ਵਿਚੋਂ ਬਾਬੇ ਨਾਨਕ ਦੀ ਨਿਰਪੇਖ ਰੁਮਕ ਦੇ ਦੀਦਾਰ ਹੁੰਦੇ ਹਨ। ਪ੍ਰਿੰਸੀਪਲ ਧਰਮਿੰਦਰ ਸਿੰਘ ਉਬਾ ਨੇ ਸੁਖਮਿੰਦਰ ਦੇ ਇਸ ਯਤਨ ਨੂੰ ਇੱਕ ਇਤਿਹਾਸਿਕ ਅਤੇ ਮੁਲਵਾਨ ਖੋਜ-ਕਾਰਜ ਮੰਨਿਆ ਉਨ੍ਹਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਇੱਕ ਸਰਬ-ਸਾਂਝਾ ਗ੍ਰੰਥ ਹੈ। ਇਸ ਦੀ ਬ੍ਰਹਿਮੰਡੀ ਚੇਤਨਾ ਕਿਸੇ ਇੱਕ ਵਿਅਕਤੀ, ਫਿਰਕੇ ਜਾਂ ਧਰਮ ਦੇ ਲੋਕਾਂ ਲਈ ਨਹੀਂ। ਇਸ ਦੀ ਬਾਣੀ ਸਰਬ ਸਾਂਝ ਅਤੇ ਸਰਬਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ।

ਪਬਲਿਸ਼ਰ ਹਰੀਸ਼ ਜੈਨ ਨੇ ਕਿਹਾ ਕਿ ਪੁਸਤਕ ਵਿਚਲਾ ਵਸੀਹ ਬਿਰਤਾਂਤ ਖੋਜਾਰਥੀਆਂ, ਵਿਦਿਆਰਥੀਆਂ ਲਈ ਲਾਹੇਵੰਦ ਹੈ ਅਤੇ ਗਿਆਨ ਦੇ ਨਵੇਂ ਦਿਸਹਦੇ ਸਿਰਜਦਾ ਹੈ। ਸਾਹਿਤ ਚਿੰਤਨ ਦੇ ਸਰਦਾਰਾਂ ਸਿੰਘ ਚੀਮਾ ਨੇ ਇਸ ਪੁਸਤਕ ਦੀ ਪ੍ਰਸੰਸਾ ਕਰਦੇ ਹੋਏ ਇਸ ਨੂੰ ਇੱਕ ਸਾਰਥਕ ਕਾਰਜ ਕਿਹਾ।
ਇਸ ਸਮਾਗਮ ਵਿੱਚ ਉਪਰੋਕਤ ਵਿਦਵਾਨਾਂ ਤੋਂ ਇਲਾਵਾ ਸ੍ਰ.ਗਗਨ ਹਰਦੀਪ ਸਿੰਘ ਬੱਲ, ਐਡਵੋਕੇਟ, ਡਾ. ਸ਼ਿਲਪਾ ਗਰਗ, ਡਾ. ਜਰਮਨ ਸਿੰਘ, ਅਨੂਪਇੰਦਰ ਸਿੰਘ, ਓ-ਜਸਮੀਨ ਆਦਿ ਵਿਦਵਾਨ ਵੀ ਸ਼ਾਮਿਲ ਹੋਏ। ਅਖੀਰ ਵਿੱਚ ਡਾ. ਗਰਗ ਨੇ ਸਾਰੇ ਹਾਜ਼ਰੀਨ ਸੱਜਣਾਂ ਦਾ ਧੰਨਵਾਦ ਕੀਤਾ।
