Dr. Parmjeet Kaur Sidhu Appointed Head of Punjabi Dept, Panjab University
ਕੁਲਪਤੀ ਪ੍ਰੋ. ਰੇਨੂ ਵਿਗ ਦੇ ਹੁਕਮਾਂ ਅਧੀਨ, ਸਕੂਲ ਆਫ ਪੰਜਾਬੀ ਸਟਡੀਜ਼ ਦੀ ਐਸੋਸੀਏਟ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ 30
ਅਪ੍ਰੈਲ 2026 ਨੂੰ ਰਸਮੀ ਤੌਰ ’ਤੇ ਪੰਜਾਬੀ ਵਿਭਾਗ ਦੇ ਮੁਖੀ ਦਾ ਚਾਰਜ ਭਾਸ਼ਾ ਫੈਕਲਟੀ ਦੇ ਸੇਵਾਮੁਕਤ ਅਤੇ ਸੇਵਾਰਤ ਅਧਿਆਪਕਾਂ ਦੀ
ਹਾਜ਼ਰੀ ਵਿੱਚ ਸੰਭਾਲਿਆ। ਇਸ ਮੌਕੇ ’ਤੇ ਮੌਜੂਦ ਫੈਕਲਟੀ ਮੈਂਬਰਾਂ ਨੇ ਡਾ. ਸਿੱਧੂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਸ ਨੂੰ ਨਵੀਂ
ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਗੌਰਤਲਬ ਹੈ ਕਿ ਡਾ. ਸਿੱਧੂ ਇਸ ਤੋਂ ਪਹਿਲਾਂ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ
ਦੇ ਮੁਖੀ ਵਜੋਂ ਵੀ ਸੇਵਾ ਨਿਭਾ ਚੁੱਕੀ ਹੈ।

ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਡਾ. ਸਿੱਧੂ ਨੇ ਕੁਲਪਤੀ ਪ੍ਰੋ. ਰੇਨੂ ਵਿਗ ਦਾ ਇਸ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ
ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਨਿਸ਼ਠਾ ਨਾਲ ਨਿਭਾਏਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਤੋਂ ਪਹਿਲਾਂ ਰਹੇ
ਅਧਿਆਪਕਾਂ ਦੁਆਰਾ ਸਥਾਪਿਤ ਪੰਜਾਬੀ ਵਿਭਾਗ ਦੀ ਸਮ੍ਰਿੱਧ ਅਤੇ ਗੌਰਵਮਈ ਵਿਰਾਸਤ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਡਾ.
ਸਿੱਧੂ ਨੇ ਉਲੇਖ ਕੀਤਾ ਕਿ ਉਹ ਆਪਣੇ ਸਹਿਕਰਮੀਆਂ—ਜਿਨ੍ਹਾਂ ਵਿੱਚੋਂ ਕਈ ਉਨ੍ਹਾਂ ਦੇ ਅਧਿਆਪਕ ਰਹਿ ਚੁੱਕੇ ਹਨ—ਦੇ ਨਾਲ ਮਿਲ ਕੇ ਕੰਮ
ਕਰੇਗੀ ਅਤੇ ਵਿਭਾਗ ਦੀ ਤਰੱਕੀ ਅਤੇ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹੇਗੀ।

ਡਾ. ਸਿੱਧੂ ਕੋਲ 17 ਸਾਲ ਤੋਂ ਵੱਧ ਦਾ ਅਧਿਆਪਨ ਦਾ ਤਜ਼ਰਬਾ ਹੈ ਅਤੇ ਉਹਨਾਂ ਨੇ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿਚ ਲੇਖਕ,
ਸੰਪਾਦਕ ਅਤੇ ਅਨੁਵਾਦਕ ਵਜੋਂ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਹ ਕਈ ਵਿਦਿਆਰਥੀਆਂ ਨੂੰ ਪੀਐਚ.ਡੀ. ਅਤੇ ਐਮ.ਫਿਲ. ਦੇ ਖੋਜ
ਕਾਰਜ ਲਈ ਮਾਰਗ ਦਰਸ਼ਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਭਰੂਣ ਹੱਤਿਆ ਵਿਸ਼ੇ ‘ਤੇ ਯੂ. ਜੀ. ਸੀ. ਦਾ ਇੱਕ ਮੇਜਰ
ਰਿਸਰਚ ਪ੍ਰੋਜੈਕਟ ਵੀ ਕੀਤਾ ਹੈ। ਡਾ. ਸਿੱਧੂ ਨੂੰ ਉਹਨਾਂ ਦੀਆਂ ਅਕਾਦਮਿਕ ਉਪਲਬਧੀਆਂ ਲਈ ਕਈ ਪ੍ਰਤਿਸ਼ਠਿਤ ਪੁਰਸਕਾਰਾਂ ਨਾਲ
ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 2021 ਦਾ ਬੀਬੀ ਜਗੀਰ ਕੌਰ ਸੰਧੂ ਮਹਿਲਾ ਪੁਰਸਕਾਰ (ਹਰਿਆਣਾ ਸਰਕਾਰ),
ਇੰਟਰਨੈਸ਼ਨਲ ਐਜੂਕੇਸ਼ਨ ਐਕਸਲੈਂਸ ਐਵਾਰਡ (ਯੂਕੇ), ਡਾ. ਅੰਬੇਡਕਰ ਸਾਹਿਤ ਸ਼੍ਰੀ ਰਾਸ਼ਟਰੀ ਪੁਰਸਕਾਰ ਅਤੇ ਹਰਿਆਣਾ ਪੰਜਾਬੀ
ਸਾਹਿਤ ਅਕਾਦਮੀ ਆਦਿ ਪੁਰਸਕਾਰ ਸ਼ਾਮਲ ਹਨ।
