ਚੰਡੀਗੜ੍ਹ / ਫਤਿਹਗੜ੍ਹ ਸਾਹਿਬ: 19 ਸਤੰਬਰ
‘‘ਪੰਜਾਬ ਦੀ ਸੱਤਾ ਵਿੱਚ ਆਉਣ ਸਮੇਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ 3 ਮਹੀਨੇ ਵਿੱਚ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਇਹ ਸਮਾਂਸੀਮਾ ਕਦੇ 3 ਮਹੀਨੇ, ਕਦੇ 4 ਮਹੀਨੇ ਵਧਾਈ ਗਈ ਅਤੇ 6 ਵਾਰ ਇਹ ਡੈੱਡਲਾਇਨ ਅੱਗੇ ਵਧ ਚੁੱਕੀ ਹੈ। ਤਾਰੀਖ਼ ’ਤੇ ਤਾਰੀਖ਼ ਦੇਣ ਵਾਲੀ ਅਜਿਹੀ ਸਰਕਾਰ ਤੋਂ ਨਸ਼ਾ ਖ਼ਤਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।’’, ਇਹ ਸ਼ਬਦ ਦਿੱਲੀ ਦੀ ਮੁੱਖ ਮੰਤਰੀ ਰੇਖ ਗੁਪਤਾ ਦੇ ਹਨ। ਉਹ ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਕੱਢੀ ਜਾ ਰਹੀ ‘‘ਨਸ਼ਾ ਮੁਕਤ ਪੰਜਾਬ’’ ਦੀ ਦੂਜੀ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ 13 ਦਿਨ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਪੰਜਾਬ ਦੀ ਆਪ ਸਰਕਾਰ ਤੋਂ ਮੁਕਤੀ ਦੀ ਯਾਤਰਾ ਬਣੇਗੀ।
*ਯਾਤਰਾ ਰਵਾਨਗੀ ਪਹਿਲਾਂ ਅਰਦਾਸ*
ਰੇਖਾ ਗੁਪਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗਵਾਹ ਧਰਤੀ ਉੱਤੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਨਸ਼ਾ ਮੁਕਤੀ ਲਈ ਅਰਦਾਸ ਕੀਤੀ।
ਇਸ ਉਪਰੰਤ ਉਨ੍ਹਾਂ ਸਥਾਨਕ ਅਨਾਜ ਮੰਡੀ ਵਿੱਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਡਾਕਟਰ ਸ਼ਤੀਸ਼ ਪੂਨੀਆ, ਭਾਜਪਾ ਦੇ ਕੌਮੀ ਉੱਪ-ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਯਾਤਰਾ ਦੀ ਮੌਜੂਦਗੀ ਵਿੱਚ ਯਾਤਰਾ ਨੂੰ ਹਰੀ ਝੰਡੀ ਦਿਖਾਈ।
*‘ਕੇਜਰੀਵਾਲ ਦੀ ਪੋਲ ਖੋਲ਼ਣ ਆਈ ਹਾਂ’*
ਆਪਣੇ ਸੰਬੋਧਨ ਦੌਰਾਨ ਰੇਖਾ ਗੁਪਤਾ ਨੇ ਕਿਹਾ ਕਿ ਉਹ ਦਿੱਲੀ ਤੋਂ ਪੰਜਾਬ ਦੇ ਸੁਪਰ ਸੀਐੱਮ ਬਣੇ ਬੈਠੇ ਅਰਵਿੰਦ ਕੇਜਰੀਵਾਲ ਦੀ ਪੋਲ਼ ਖੋਲਣ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਬਟਾਲੀਅਨ ਨੇ ਪਹਿਲਾਂ ਦਿੱਲੀ ਦੇ ਪੈਸੇ ਨਾਲ ਪੰਜਾਬ ਉੱਤੇ ਕਬਜ਼ਾ ਕੀਤਾ ਅਤੇ ਹੁਣ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਦੂਜੇ ਸੂਬਿਆਂ ਵਿੱਚ ਆਪਣੇ ਸਿਆਸੀ ਹਿੱਤ ਪੂਰੇ ਕਰਨ ਲਈ ਖ਼ਰਚ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ ਆਪਣੇ ਲ਼ਈ ਸ਼ੀਸ਼ ਮਹਿਲ ਬਣਵਾਇਆ ਸੀ। ਪਰ ਜਦੋਂ ਉਨ੍ਹਾਂ ਨੂੰ ਦਿੱਲੀ ਤੋਂ ਭਜਾ ਦਿੱਤਾ ਤਾਂ ਉਹ ਪੰਜਾਬ ਵਿੱਚ ਸੀਸ਼ ਮਹਿਲ ਟੂ ਵਿੱਚ ਰਹਿਣ ਲੱਗ ਪਏ।.
ਰੇਖਾ ਗੁਪਤਾ ਨੇ ਸਵਾਲ ਕੀਤਾ ਕਿ ਕੇਜਰੀਵਾਲ ਕਿਸ ਹੈਸੀਅਤ ਵਿੱਚ ਪੰਜਾਬ ਵਿੱਚ ਰਹਿ ਰਹੇ ਹਨ, ਕਿਸ ਅਧਿਕਾਰ ਨਾਲ ਪ੍ਰਾਈਵੇਟ ਜੈੱਟ ਵਿੱਚ ਸਫ਼ਰ ਕਰਦੇ ਹਨ। ਇਨ੍ਹਾਂ ਨੇ ਪਹਿਲਾਂ ਪੰਜਾਬੀਆਂ ਨੂੰ ਕਥਿਤ ਦਿੱਲੀ ਮਾਡਲ ਨਾਲ ਭਰਮਾਇਆ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ। ਪੰਜਾਬ ਸਿਰ ਚੜ੍ਹਿਆ 5 ਲੱਖ ਕਰੋੜ ਦਾ ਕਰਜ਼ਾ ਕੌਣ ਮੋੜੇਗਾ, ਕਿਉਂ ਕਿ ਕੇਜਰੀਵਾਲ ਨੂੰ ਤਾਂ ਪੰਜਾਬ ਦੇ ਲੋਕ ਭਜਾ ਦੇਣਗੇ।
*ਆਫ਼ਤ ਵੇਲੇ ਕੇਜਰੀਵਾਲ ਦਿੱਲੀ ਭੱਜ ਜਾਂਦੇ*
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਕੇਜਰੀਵਾਲ ਦਿੱਲੀ ਭੱਜ ਗਿਆ ਅਤੇ ਪੰਜਾਬ ਵਿੱਚ ਕੋਈ ਸੰਕਟ ਆਉਂਦਾ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਨਾਲ ਡੱਕਿਆ ਹੁੰਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਵਿੱਚ ਸਿਆਸੀ ਝਟਕਿਆਂ ਦਾ ਸਾਹਮਣਾ ਕਰਨ ਤੋਂ ਬਾਅਦ ਕੇਜਰੀਵਾਲ ਨੇ ਆਪਣਾ ਸਿਆਸੀ ਧਿਆਨ ਪੰਜਾਬ ਵੱਲ ਕਰ ਲਿਆ ਹੈ ਅਤੇ ‘ਆਪ’ ਦੀ ਲੀਡਰਸ਼ਿਪ ਜਨਤਕ ਸਰੋਤਾਂ ਦੀ ਕਥਿਤ ਦੁਰਵਰਤੋਂ ਕਰ ਰਹੀ ਹੈ।
ਉਨ੍ਹਾਂ ਕਿਹਾ, “ਜਿਹੜੇ ਲੋਕ ਦਿੱਲੀ ਦੇ ਕੁਸ਼ਾਸਨ ਲਈ ਜ਼ਿੰਮੇਵਾਰ ਸਨ, ਉਹ ਹੁਣ ਪੰਜਾਬ ਵਿੱਚ ਬੈਠੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਸੂਬੇ ਦਾ ਸ਼ੋਸ਼ਣ ਕਰ ਰਹੇ ਹਨ।”
*‘ਪੰਜਾਬ ਦੀਆਂ ਜ਼ੰਜੀਰਾਂ ਨੂੰ ਤੋੜਾਂਗੇ’*
ਉਨ੍ਹਾਂ ਕਿਹਾ, “ਹੁਣ ਬਹੁਤ ਹੋ ਗਿਆ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਜਕੜ ਚੁੱਕੀਆਂ ਜ਼ੰਜੀਰਾਂ ਨੂੰ ਤੋੜਿਆ ਜਾਵੇ। ਇਹ ਜ਼ੰਜੀਰਾਂ ਕੌਣ ਤੋੜੇਗਾ? ਤੁਸੀਂ ਤੋੜੋਗੇ, ਅਸੀਂ ਤੋੜਾਂਗੇ, ਨਰਿੰਦਰ ਮੋਦੀ ਜੀ ਤੋੜਨਗੇ ਅਤੇ ਅਮਿਤ ਸ਼ਾਹ ਜੀ ਤੋੜਨਗੇ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਤਵਾਦ ਅਤੇ ਹੋਰ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ ਕਰਦਿਆਂ ਗੁਪਤਾ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੰਜਾਬ ਦੇ ਲੋਕ ਇਕੱਲੇ ਨਹੀਂ ਹਨ।
*ਪੰਜਾਬ ਵਿੱਚ ਨਵੀਂ ਸ਼ੁਰੂਆਤ ਦਾ ਸੱਦਾ*
ਰੇਖਾ ਗੁਪਤਾ ਨੇ ਕਿਹਾ ਕਿ 12 ਦਿਨਾਂ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਰਫ਼ ਇੱਕ ਸਿਆਸੀ ਪ੍ਰੋਗਰਾਮ ਨਹੀਂ, ਸਗੋਂ ਸਾਂਝੇ ਤੌਰ ’ਤੇ ਕਾਰਵਾਈ ਕਰਨ ਦਾ ਸੱਦਾ ਹੈ।
ਉਨ੍ਹਾਂ ਕਿਹਾ, “ਇਹ ਯਾਤਰਾ ਸਿਰਫ਼ ਇੱਕ ਸਫ਼ਰ ਨਹੀਂ ਹੈ। ਇਹ ਪੰਜਾਬ ਨੂੰ ਨਸ਼ਿਆਂ, ਅਪਰਾਧ ਅਤੇ ਡਰ ਤੋਂ ਮੁਕਤ ਕਰਵਾਉਣ ਲਈ ਇੱਕ ਲਹਿਰ ਦੀ ਸ਼ੁਰੂਆਤ ਹੈ।”
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਭਰ ਵਿੱਚ ਗੈਂਗ ਹਿੰਸਾ, ਨਿਸ਼ਾਨਾ ਬਣਾ ਕੇ ਹੱਤਿਆਵਾਂ ਅਤੇ ਅਸੁਰੱਖਿਆ ਦੀ ਭਾਵਨਾ ਫੈਲ ਰਹੀ ਹੈ। ਨਸ਼ਾ ਮੁਕਤ ਪੰਜਾਬ ਦੀ ਯਾਤਰਾ ਦੇ 13ਵੇਂ ਦਿਨ ਤੋਂ ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋਣੀ ਚਾਹੀਦੀ ਹੈ।” ਉਨ੍ਹਾਂ ਪੰਜਾਬ ਵਾਸੀਆਂ ਨੂੰ ਇਕਜੁੱਟ ਹੋ ਕੇ ਖੁਸ਼ਹਾਲ, ਸ਼ਾਂਤਮਈ ਅਤੇ ਨਸ਼ਾ ਮੁਕਤ ਪੰਜਾਬ ਦੀ ਉਸਾਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ।
ਆਪਣੇ ਸੰਬੋਧਨ ਦੇ ਅੰਤ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪੰਜਾਬ ਵਾਸੀਆਂ ਨੂੰ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈਣ ਅਤੇ ਨਸ਼ਿਆਂ, ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਵਿਰੁੱਧ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਲੋਕਾਂ ਨੂੰ ਇਹ ਸੰਕਲਪ ਲੈਣ ਦਾ ਸੱਦਾ ਦਿੱਤਾ ਕਿ ਪੰਜਾਬ ਹੁਣ ਨਸ਼ਾ ਮਾਫ਼ੀਆ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸੂਬਾ ਇੱਕ ਵਾਰ ਫਿਰ ਖੁਸ਼ਹਾਲ ਤੇ ਨਸ਼ਾ ਮੁਕਤ ਧਰਤੀ ਵਜੋਂ ਉਭਰੇਗਾ।
*ਸਿਆਸੀ ਯਾਤਰਾ ਨਹੀਂ ਲੋਕ ਅੰਦੋਲਨ – ਕੇਵਲ ਢਿੱਲੋਂ*
ਇਸ ਮੌਕੇ ਇਹ ਯਾਤਰਾ ਸਿਆਸੀ ਲਾਹੇ ਨਹੀਂ ਬਲਕਿ ਇੱਕ ਲੋਕ ਅੰਦੋਲਨ ਹੈ। ‘ਆਪ’ ਦੇ ਸਾਢੇ ਚਾਰ ਸਾਲ ਵਿੱਚ ਨਸ਼ਾ ਖ਼਼ਤਮ ਨਹੀਂ ਹੋਇਆ। ਕਹਾਵਤ ਚੱਲ ਪਈ ਹੈ ਕਿ ਪੀਜ਼ਾ ਡਲਿਵਰੀ ਲੇਟ ਹੋ ਸਕਦੀ ਹੈ, ਪਰ ਚਿੱਟੇ ਦੀ ਡਲਿਵਰੀ ਨਹੀਂ।
ਭਗਵੰਤ ਮਾਨ ਸਰਕਾਰ ਤੋਂ ਨਸ਼ਾ ਬੰਦ ਨਹੀਂ ਹੋਇਆ ਤਾਂ ਇਹ ਲੋਕਾਂ ਦੀ ਅਵਾਜ਼ ਬੰਦੀ ਕਰਨ ਲੱਗ ਪਈ। ਮੋਹਨਜੀਤ ਸ਼ੇਰੋ ਤੇ ਗੁਲਜ਼ਾਰ ਸਿੰਘ ਕਾਂਡ ਦੇ ਹਵਾਲੇ ਨਾਲ ਉਨ੍ਹਾਂ ਸਵਾਲ ਕੀਤਾ ਕੀ ਕਸੂਰ ਸੀ ਇਨ੍ਹਾਂ ਦੋਵਾਂ ਦਾ ਇੱਕ ਨੂੰ ਵੈਂਟੀਲੇਟਰ ਉੱਤੇ ਜਾਣਾ ਪਿਆ ਤੇ ਇੱਕ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ।
ਉਨ੍ਹਾਂ ਜਿਵੇਂ ਦਿੱਲੀ ਵਾਲਿਆਂ ਨੇ ਆਪ ਵਾਲੇ ਭਜਾਏ, ਉਵੇਂ ਸਾਨੂੰ ਵੀ ਭਜਾਣੇ ਪੈਣੇ ਹਨ। ਇਹ ਨਾਲ ਸਮਝੋ ਕਿ ਚਿੱਟਾ ਘਰ ਗੁਆਂਢੇ ਦੇ ਘਰ ਹੈ, ਇਹ ਸਾਡੇ ਘਰ ਵੀ ਆ ਸਕਦਾ ਹੈ।
ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਉੱਤੇ ਆਂਡੇ ਸੁੱਟ ਕੇ, ਕਾਲੀਆਂ ਝੰਡੀਆਂ ਦਿਖਾ ਤੇ ਸਾਡੇ ਪੋਸਟਰ ਪਾੜ ਕੇ ਯਾਤਰਾ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਤੁਸੀਂ ਇੱਕ ਪੋਸਟਰ ਪਾੜੋ, ਅਸੀਂ 10 ਲਗਾਵਾਂਗੇ। ਪਰ ਇਹ ਲਹਿਰ ਪਿੱਛੇ ਨਹੀਂ ਮੁੜੇਗੀ।
*ਪੰਜਾਬ ਰਾਹੀਂ ਭਾਰਤ ਖਿਲਾਫ਼ ਸਾਜਿਸ਼ – ਬਾਦਲ*
ਇਸ ਮੌਕੇ ਬੋਲਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਪੰਜਾਬ ਦੀ ਅਬਾਦੀ ਦੇਸ ਵਿੱਚ 2 ਫੀਸਦ ਪਰ ਫੌਜ ਵਿੱਚ ਭਰਤੀ 10 ਫੀਸਦ ਹੈ। ਭਾਰਤੀ ਫੌਜ ਵਿੱਚ ਬਹਾਦਰੀ ਤਮਗੇ 50 ਫੀਸਦ ਪੰਜਾਬੀਆਂ ਨੇ ਜਿੱਤੇ ਹਨ। ਇਸ਼ ਲਈ ਦੁਸ਼ਮਣ ਪੰਜਾਬ ਨੂੰ ਕਮਜ਼ੋਰ ਕਰ ਕੇ ਭਾਰਤ ਨੂੰ ਕਮਜ਼ੋਰ ਕਰਨ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਨਸ਼ੇ ਨੂੰ ਜੜ੍ਹੋਂ ਪੁੱਟ ਕੇ ਹੀ ਪੰਜਾਬ ਦੀ ਸ਼ਾਨ ਬਹਾਲ ਹੋ ਸਕਦੀ ਹੈ।
ਸਾਡੀਆਂ ਅੱਖਾਂ ਸਾਹਮਣੇ, ਕੋਈ ਸਾਡੇ ਨੌਜਵਾਨਾਂ ਨੂੰ ਨਸ਼ੇ ਨਾਲ ਖ਼ਤਮ ਕਰੇ, ਅਸੀਂ ਕਿਵੇਂ ਦੇਖ ਸਕਦੇ ਹਾਂ। ਭਾਰਤੀ ਜਨਤਾ ਪਾਰਟੀ ਦਾ ਮਨਸੂਬਾ ਹੈ ਕਿ ਸਭ ਤੋਂ ਪਹਿਲਾਂ ਨਸ਼ੇ ਦੀ ਸਪਲਾਈ ਚੇਨ ਟੁੱਟੇਗੀ, ਦੂਜਾ ਨਸ਼ੇੜੀਆਂ ਦਾ ਇਲਾਜ ਕਰਾਂਵਾਗੇ ਤੇ ਤੀਜਾ ਨਵੀਂ ਪੀੜ੍ਹੀ ਨੂੰ ਬਚਾਉਣ ਲਈ ਸੁਰੱਖਿਆ ਦੀ ਕੰਧ ਉਸਾਰਾਂਗੇ।
*ਨਸ਼ੇੜੀ ਮੁੱਖ ਮੰਤਰੀ ਸੂਬੇ ਨੂੰ ਨਸ਼ਾ ਮੁਕਤ ਨਹੀਂ ਕਰ ਸਕਦਾ – ਅਸ਼ਵਨੀ*
ਪਠਾਨਕੋਟ ਤੋਂ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ, ‘‘ਜਿਹੜਾ ਬੰਦਾ ਮਾਂ ਦੀ ਸਹੁੰ ਖਾ ਕੇ ਦਾਰੂ ਨਹੀਂ ਛੱਡ ਸਕਦਾ, ਕੀ ਅਜਿਹੇ ਬੰਦੇ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉੁਹ ਨਸ਼ਾ ਕੰਟਰੋਲ ਕਰ ਸਕਦਾ। ਸ਼ਰਾਬ ਪੀਕੇ ਵਿਧਾਨ ਸਭਾ ਵਿੱਚ ਆ ਗਿਆ, ਮਾਨ ਨਸ਼ਾ ਬੰਦ ਨਹੀ ਕਰ ਸਕਦਾ, ਪੰਜਾਬ ਦੇ ਲੋਕਾਂ ਨੂੰ ਖੁਦ ਅੱਗੇ ਆ ਕੇ ਨਸ਼ਾ ਬੰਦ ਕਰਨਾ ਪੈਣਾ ਹੈ। ਨਸ਼ਾ ਮੁਕਤ ਪੰਜਾਬ ਸਿਆਸੀ ਯਾਤਰਾ ਦੀ ਜਰੂਰ ਹੈ, ਪਰ ਪੰਜਾਬ ਦੇ ਲੋਕਾਂ ਦੀ ਅਵਾਜ਼ ਹੈ।
*ਇਸ ਸਮਾਗਮ ਨੂੰ ਹੋਰਨਾ ਤੋਂ ਇਲਾਵਾ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਗੇਜਾ ਰਾਮ ਵਾਲਮੀਕੀ ਅਤੇ ਦੀਦਾਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ।*
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਇੇੰਚਾਰਜ ਰਾਜੇਸ਼ ਬਾਘਾ, ਜੰਗੀ ਲਾਲ ਮਹਾਜਨ, ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਮਨਜੀਤ ਸਿੰਘ ਰਾਏ, ਭਾਜਪਾ ਆਗੂ ਐੱਚਐੱਸ ਫੂਲਕਾ, ਜਗਦੀਪ ਸਿੰਘ ਚੀਮਾ, ਏਕਤਾ ਨਾਗਪਾਲ, ਐੱਨਕੇ ਵਰਮਾ, ਅਜੇ ਕੌਸ਼ਲ, ਸੁਖਵਿੰਦਰ ਸਿੰਘ ਗੋਲਡੀ, ਖੁਸ਼ਵੰਤ ਰਾਏ ਗੀਗਾ, ਕਰਮਬੀਰ ਟੌਹੜਾ, ਅਰੁਣ ਖੌਸਲਾ, ਮੀਨੂੰ ਸੇਠੀ, ਕੇਡੀ ਭੰਡਾਰੀ, ਐੱਸਐੱਸ ਚੰਨੀ, ਰਣਜੀਤ ਸਿੰਘ, ਜੀਵਨ ਗੁਪਤਾ, ਰਾਕੇਸ਼ ਸ਼ਰਮਾ, ਦੀਦਾਰ ਸਿੰਘ ਭੱਟੀ, ਅਮਨਜੀਤ ਕੌਰ ਰਾਮੂਵਾਲੀਆ, ਡਾਕਟਰ ਹਰਬੰਸ ਲਾਲ ਇਕਬਾਲ ਸਿੰਘ ਚੰਨੀ, ਵੀ ਹਾਜ਼ਰ ਸਨ।
