*‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 10 ਲੱਖ ਖਿਡਾਰੀ ਹਿੱਸਾ ਲੈਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*‘ਖੇਡਾਂ ਵਤਨ ਪੰਜਾਬ ਦੀਆਂ’ ਦਾ ਚੌਥਾ ਸੀਜ਼ਨ 5 ਸਤੰਬਰ ਤੋਂ ਹੋਵੇਗਾ ਸ਼ੁਰੂ:ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 38 ਖੇਡਾਂ ਦੇ ਮੁਕਾਬਲੇ ਅਤੇ ਚਾਰ ਪੈਰਾ-ਖੇਡਾਂ ਹੋਣਗੀਆਂ ਸ਼ਾਮਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*‘ਖੇਡਾਂ ਵਤਨ ਪੰਜਾਬ ਦੀਆਂ’ ਲਈ ਕਿਊ.ਆਰ. ਕੋਡ ਅਧਾਰਿਤ ਰਜਿਸਟ੍ਰੇਸ਼ਨ ਦੀ ਕੀਤੀ ਸ਼ੁਰੂਆਤ:ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਸੂਬਾ ਪੱਧਰੀ ਸੋਨ ਤਗਮਾ ਜੇਤੂਆਂ ਨੂੰ 10,000 ਰੁਪਏ, ਚਾਂਦੀ ਤਗਮਾ ਜੇਤੂਆਂ ਨੂੰ 7,000 ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 5,000 ਰੁਪਏ ਮਿਲਣਗੇ:ਮੁੱਖ ਮੰਤਰੀ ਭਗਵੰਤ ਸਿੰਘ ਮਾਨ*
*ਚੰਡੀਗੜ੍ਹ, 1 ਸਤੰਬਰ:*
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਰਹੇ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਲਈ ਅੱਜ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਸੂਬੇ ਦੇ ਇਸ ਸਭ ਤੋਂ ਵੱਡੇ ਖੇਡ ਮੁਕਾਬਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਾਲ ਲਗਭਗ 10 ਲੱਖ ਖਿਡਾਰੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਦਕਿ 38 ਖੇਡਾਂ ਦੇ ਮੁਕਾਬਲੇ ਅਤੇ ਚਾਰ ਪੈਰਾ-ਖੇਡਾਂ ਪੂਰੇ ਪੰਜਾਬ ਦੇ ਖੇਡ ਹੁਨਰ ਨੂੰ ਤਰਾਸ਼ਣ ਅਤੇ ਨਿਖਾਰਨ ਲਈ ਢੁਕਵਾਂ ਮੰਚ ਪ੍ਰਦਾਨ ਕਰਨਗੀਆਂ।
ਇਸ ਮੀਟਿੰਗ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ, “ਅੱਜ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਆ ਰਹੇ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸਾਡੀ ਸਰਕਾਰ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਨੂੰ ਮੁੜ ਖੇਡਾਂ ਵਿੱਚ ਨੰਬਰ ਇਕ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਜੇਤੂ ਖਿਡਾਰੀਆਂ ਲਈ ਆਕਰਸ਼ਕ ਨਕਦ ਇਨਾਮਾਂ ਦੀ ਵੀ ਵਿਵਸਥਾ ਕੀਤੀ ਗਈ ਹੈ।”
ਉਨ੍ਹਾਂ ਅੱਗੇ ਲਿਖਿਆ, “ਮੈਂ ਪੰਜਾਬ ਦੇ ਸਮੂਹ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਨ੍ਹਾਂ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ। ਕਿਊ.ਆਰ. ਕੋਡ ਨੂੰ ਸਕੈਨ ਕਰੋ ਅਤੇ ਅੱਜ ਹੀ ਆਪਣੀ ਰਜਿਸਟ੍ਰੇਸ਼ਨ ਕਰੋ। ਆਓ ਮਿਲ ਕੇ ਪੰਜਾਬ ਨੂੰ ਖੇਡਾਂ ਵਿੱਚ ਮੁੜ ਅੱਵਲ ਸੂਬਾ ਬਣਾਈਏ।”
ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਹੁਤ ਹੀ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਇਸ ਸਾਲ ਇਨ੍ਹਾਂ ਖੇਡਾਂ ਵਿੱਚ ਲਗਭਗ 10 ਲੱਖ ਖਿਡਾਰੀ ਹਿੱਸਾ ਲੈਣਗੇ। ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਤੋਂ ਲੁਕੇ ਹੋਏ ਖੇਡ ਹੁਨਰ ਦੀ ਪਛਾਣਨ, ਉਤਸ਼ਾਹਿਤ ਕਰਨ, ਤਰਾਸ਼ਣ ਅਤੇ ਨਿਖਾਰਨ ਦਾ ਸਭ ਤੋਂ ਉੱਤਮ ਮੰਚ ਹੈ।”
ਇਨ੍ਹਾਂ ਖੇਡਾਂ ਦੀ ਵਿਲੱਖਣਤਾ ਦਾ ਜ਼ਿਕਰ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵੱਖ-ਵੱਖ ਪੀੜ੍ਹੀਆਂ ਦੇ ਲੋਕਾਂ ਨੂੰ ਇਕਜੁਟ ਕਰਦੀਆਂ ਹਨ। ਉਨ੍ਹਾਂ ਦੱਸਿਆ, “ਪਿਛਲੇ ਸੀਜ਼ਨਾਂ ਵਿੱਚ ਇੱਕ ਹੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ-ਦਾਦਾ, ਪੁੱਤਰ ਅਤੇ ਪੋਤੇ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਸੀ।”
ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿੱਚ 14 ਸਾਲ ਤੋਂ ਲੈ ਕੇ 70 ਸਾਲ ਤੋਂ ਵੱਧ ਉਮਰ ਤੱਕ ਦੇ 9 ਉਮਰ ਵਰਗਾਂ ਦੇ ਖਿਡਾਰੀ ਹਿੱਸਾ ਲੈਣਗੇ। ਕੁੱਲ 38 ਖੇਡ ਮੁਕਾਬਲੇ ਕਰਵਾਏ ਜਾਣਗੇ, ਜਦਕਿ ਚਾਰ ਪੈਰਾ-ਖੇਡਾਂ-ਐਥਲੇਟਿਕਸ, ਪਾਵਰਲਿਫਟਿੰਗ, ਬੈਡਮਿੰਟਨ ਅਤੇ ਵ੍ਹੀਲਚੇਅਰ ਬਾਸਕਟਬਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਖੇਡਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਅਤੇ ਪੂਰੀ ਤਰ੍ਹਾਂ ਮੁਫ਼ਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ, “ਖੇਡ ਵਿਭਾਗ ਨੇ ਪਹਿਲੀ ਵਾਰ ਕਿਊ.ਆਰ. ਕੋਡ ਅਧਾਰਿਤ ਰਜਿਸਟ੍ਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਹੈ, ਜਿਸ ਨਾਲ ਖਿਡਾਰੀ ਕਿਸੇ ਵੀ ਸਮੇਂ ਅਤੇ ਕਿਤੇ ਵੀ ਰਜਿਸਟਰ ਕਰ ਸਕਦੇ ਹਨ।”
ਮੁੱਖ ਮੰਤਰੀ ਨੇ ਦੱਸਿਆ ਕਿ ਖਿਡਾਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਪਹਿਲੀ ਵਾਰ ਸ਼ੁਰੂ ਕੀਤੀ ਗਈ ਕਿਊ.ਆਰ. ਕੋਡ ਅਧਾਰਿਤ ਸਹੂਲਤ ਰਾਹੀਂ ਜਾਂ sports.punjab.gov.in ‘ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ, “ਪੰਜਾਬ ਸਪੋਰਟਸ ਪੋਰਟਲ ਰਾਹੀਂ ਇਹ ਸਾਰਿਆਂ ਲਈ ਮਹਿਜ਼ 15 ਸਕਿੰਟ ਦੀ ਬਹੁਤ ਹੀ ਸਰਲ ਪ੍ਰਕਿਰਿਆ ਹੈ। ਮੈਂ ਖਿਡਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਵੇਰਵਾ ਦਰਜ ਕਰਨ ਅਤੇ ਮੁਕਾਬਲੇ ਲਈ ਤਿਆਰ ਹੋ ਜਾਣ।”
ਖੇਡਾਂ ਲਈ ਰਜਿਸਟ੍ਰੇਸ਼ਨ ਫਿਲਹਾਲ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੀ ਸ਼ਮੂਲੀਅਤ ਨੂੰ ਸੁਖਾਲਾ ਬਣਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਇਸ ਟੂਰਨਾਮੈਂਟ ਨਾਲ ਜੋੜਨ ਲਈ ਇਹ ਤੇਜ਼ ਅਤੇ ਸਰਲ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ, “ਇਨ੍ਹਾਂ ਖੇਡਾਂ ਰਾਹੀਂ ਸਰਕਾਰ ਦਾ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਇਹ ਮੁਕਾਬਲੇ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ‘ਤੇ ਹੋਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਪਹਿਲੀ ਵਾਰ ਲੜਕੇ ਅਤੇ ਲੜਕੀਆਂ, ਦੋਵਾਂ ਲਈ ਟੈਨਿਸ ਬਾਲ ਕ੍ਰਿਕਟ ਨੂੰ ‘ਪ੍ਰਦਰਸ਼ਨੀ ਖੇਡ’ ਵਜੋਂ ਸ਼ਾਮਲ ਕੀਤਾ ਗਿਆ ਹੈ, ਜੋ ਉੱਭਰਦੇ ਖਿਡਾਰੀਆਂ ਨੂੰ ਭਾਗ ਲੈਣ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਪ੍ਰਦਾਨ ਕਰੇਗਾ।
ਮੁੱਖ ਮੰਤਰੀ ਨੇ ਕਿਹਾ, “ਮੈਂ ਅਧਿਕਾਰੀਆਂ ਨੂੰ ਇਸ ਖੇਡ ਸਮਾਗਮ ਨੂੰ ਬਿਨਾਂ ਕਿਸੇ ਦਿੱਕਤ ਦੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਖੇਡ ਮਹਾਕੁੰਭ ਦੇ ਸ਼ਾਨਦਾਰ ਪ੍ਰਬੰਧਾਂ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਬਿਹਤਰ ਅਨੁਭਵ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਇਸ ਮੀਟਿੰਗ ਵਿੱਚ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਖੇਡ ਸਕੱਤਰ ਵਰੁਣ ਰੂਜਮ, ਵਿਸ਼ੇਸ਼ ਸਕੱਤਰ ਸੂਚਨਾ ਤੇ ਲੋਕ ਸੰਪਰਕ ਪੁਨੀਤ ਗੋਇਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਖੇਡਾਂ ਪੰਜਾਬ ਦੇ ਸਾਰੇ 153 ਬਲਾਕਾਂ ਵਿੱਚ ਕਰਵਾਈਆਂ ਜਾਣਗੀਆਂ, ਜਦਕਿ ਜ਼ਿਲ੍ਹਾ ਪੱਧਰੀ ਮੁਕਾਬਲੇ ਸਾਰੇ 23 ਜ਼ਿਲ੍ਹਿਆਂ ਵਿੱਚ ਹੋਣਗੇ। ਸੂਬਾ ਪੱਧਰੀ ਖੇਡਾਂ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਹੋਣਗੀਆਂ।
ਇਨ੍ਹਾਂ ਖੇਡਾਂ ਦਾ ਸਮਾਪਤੀ 29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਪੱਧਰੀ ਤਗਮਾ ਜੇਤੂਆਂ ਲਈ ਆਕਰਸ਼ਕ ਨਕਦ ਇਨਾਮ ਰੱਖੇ ਗਏ ਹਨ, ਜਿਸ ਵਿੱਚ ਸੋਨ ਤਗਮਾ ਜੇਤੂਆਂ ਨੂੰ 10,000 ਰੁਪਏ, ਚਾਂਦੀ ਤਗਮਾ ਜੇਤੂਆਂ ਨੂੰ 7,000 ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 5,000 ਰੁਪਏ ਦਿੱਤੇ ਜਾਣਗੇ।
